top of page

10 Good Habits

ਵਾਰਿਸ ਸ਼ਾਹ ਲਿਖਦੇ ਨੇ "ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ"



ਤੇ

ਦੁਸ਼ਿਅੰਤ ਕੁਮਾਰ ਨੇ ਲਿਖਿਐ ਕਿ "ਏਕ ਆਦਤ ਸੀ ਬਨ ਗਈ ਹੈ ਤੂ, ਔਰ ਆਦਤ ਕਭੀ ਜਾਤੀ ਨਹੀਂ"




ਆਦਤ ਸੁਣਨ 'ਚ ਬੜਾ ਆਮ ਜਿਹਾ ਸ਼ਬਦ ਲੱਗਦੈ। ਪਰ ਇਹ ਸ਼ਬਦ ਆਪਣੇ ਆਪ 'ਚ ਇੱਕ ਇਨਸਾਨ ਦੀ ਪੂਰੀ ਸ਼ਖ਼ਸੀਅਤ ਚੁੱਕੀ ਫ਼ਿਰਦਾ ਹੁੰਦਾ ਹੈ।


ਇਸ ਵੇਲੇ ਜਿਹਨਾਂ ਦੇ ਮਨ 'ਚ ਇਹ ਸਵਾਲ ਆ ਰਿਹਾ ਹੈ ਕਿ ਆਦਤ ਕੋਈ ਬਹੁਤੀ ਵੱਡੀ ਚੀਜ਼ ਨੀ, ਉਹ ਧਿਆਨ ਦੇਣ। ਕਿਸੇ ਇਨਸਾਨ ਦੀ ਪਛਾਣ ਹੀ ਉਹਦੀਆਂ ਆਦਤਾਂ ਕਰਕੇ ਹੁੰਦੀ ਹੈ। ਜਿਸ ਇਨਸਾਨ ਦੀਆਂ ਆਦਤਾਂ ਚੰਗੀਆਂ ਉਹਨੂੰ ਚੰਗਾ ਕਿਹਾ ਜਾਂਦੈ, ਜਿਸ ਦੀਆਂ ਮਾੜੀਆਂ ਉਹਨੂੰ ਮਾੜਾ।


ਆਪਾਂ ਆਮ ਗੱਲਾਂ ਕਰਦੇ ਹੁੰਨੇ ਆਂ, ਹਾਂ...ਰਿਸ਼ਤੇਦਾਰ ਤਾਂ ਸਾਡਾ ਹੈਗਾ, ਪਰ ਅਸੀਂ ਤਾਂ ਨੀ ਵਰਤਦੇ ਕਿਉਂ ਕਿ ਆਦਤਾਂ ਮਾੜੀਆਂ ਨੇ। ਜੇ ਕੋਈ ਇਨਸਾਨ ਗੱਲਾਂ ਬਹੁਤ ਵਧੀਆ ਕਰਦਾ ਹੋਵੇ, ਪਰ ਚੋਰੀ ਦੀ ਆਦਤ ਹੋਵੇ, ਆਪਾਂ ਉਹਦੇ 'ਤੇ ਭਰੋਸਾ ਕਰਦੇ ਆਂ? ਨਹੀਂ ਕਰਦੇ, ਜੇ ਆ ਜਾਵੇ ਤਾਂ ਜਿੰਨੀ ਦੇਰ ਉਹ ਬੈਠਾ ਹੁੰਦਾ, ਆਪਣਾ ਸਭ ਦਾ ਧਿਆਨ ਉਹਦੇ 'ਤੇ ਈ ਲੱਗਿਆ ਰਹਿੰਦਾ, ਤੇ ਉਹਦੇ ਜਾਣ ਤੋਂ ਬਾਅਦ ਆਪਣੀਆਂ ਚੀਜ਼ਾਂ 'ਤੇ। ਸੋ ਪਹਿਲੀ ਗੱਲ, ਕਿ ਆਦਤ ਇਨਸਾਨੀ ਜ਼ਿੰਦਗੀ ਦਾ ਬਹੁਤ ਅਹਿਮ ਪਹਿਲੂ ਹੈ, ਤੇ ਆਦਤਾਂ ਦਾ ਅਸਰ ਹਰ ਇੱਕ ਇਨਸਾਨ ਦੀ ਜ਼ਿੰਦਗੀ 'ਤੇ ਪੈਂਦਾ ਹੈ। ਇਹੋ ਜਿਹਾ ਕੋਈ ਇਨਸਾਨ ਹੀ ਨਹੀਂ, ਜਿਸ ਦੀਆਂ ਆਦਤਾਂ ਦਾ reflection ਉਹਦੀ life 'ਤੇ ਨਹੀਂ ਪੈਂਦਾ।


ਦੂਜਾ, ਕੋਈ ਇਹੋ ਜਿਹੀ ਉਮਰ ਨੀ ਕਿ ਜਦੋਂ ਬੰਦੇ ਨੂੰ ਉਸ ਦੀਆਂ ਆਦਤਾਂ ਤੋਂ ਵੱਖਰਾ ਗਿਣਿਆ ਜਾਵੇ। ਸਾਡੀਆਂ ਆਦਤਾਂ ਸਾਡੀ ਉਮਰ ਦੇ ਹਰ ਪੜਾਅ 'ਚ ਸਾਡੇ ਨਾਲ ਰਹਿੰਦੀਆਂ ਨੇ, ਬਚਪਨ ਤੋਂ ਲੈ ਕੇ ਬੁਢਾਪੇ ਤੱਕ, ਜਵਾਨੀ ਦੇ ਜੋਸ਼ ਤੋਂ ਆਖਰੀ ਸਾਹ ਤੱਕ, ਬੰਦੇ ਦੀਆਂ ਆਦਤਾਂ ਉਹਦੇ ਨਾਲ ਰਹਿੰਦੀਆਂ ਨੇ।


ਤੀਜਾ, ਆਦਤਾਂ ਦਾ ਅਸਰ ਪੈਂਦਾ ਵੀ ਇਨਸਾਨ ਦੀ ਜ਼ਿੰਦਗੀ ਦੇ personnel ਤੋਂ ਲੈ ਕੇ professional level ਤੱਕ ਦੇ ਹਰ ਪੜਾਅ ਤੱਕ ਹੈ। ਜੀਹਦੀਆਂ ਆਦਤਾਂ ਚੰਗੀਆਂ ਨੇ, ਉਹਦੇ ਨਾਲ ਰਿਸ਼ਤੇਦਾਰ ਵੀ ਵਰਤਦੇ ਨੇ, ਪਿੰਡ ਮੁਹੱਲੇ ਵਾਲੇ ਵੀ, ਉਹਦੇ ਨਾਲ ਕੰਮ ਕਰਨ ਵਾਲੇ ਲੋਕ, ਸਾਰੇ ਪਿੱਠ ਪਿੱਛੇ ਵੀ ਲੋਕ ਉਹਦੀ ਵਡਿਆਈ ਕਰਦੇ ਨੇ, ਬਿਨਾਂ ਉਹਦੇ ਆਰਥਿਕ ਤੇ ਸਮਾਜਿਕ ਪਿਛੋਕੜ ਦੀ ਵਿਚਾਰ ਕੀਤੇ।


ਤੇ ਜਿਹੜਾ ਮਾੜੀਆਂ ਆਦਤਾਂ ਵਾਲਾ ਇਨਸਾਨ ਹੋਵੇ, ਜਿਵੇਂ ਮੈਂ ਪਹਿਲਾਂ ਕਿਹਾ ਕਿ ਚੋਰੀ ਦੀ ਆਦਤ ਹੋਵੇ, ਸ਼ਰਾਬ ਪੀ ਕੇ ਖਿਲਾਰਾ ਪਾਉਂਦਾ ਹੋਵੇ, ਉਹ ਤੋਂ ਉਹਦੇ ਆਪਣੇ ਪਰਿਵਾਰ, ਗੁਆਂਢ, ਰਿਸ਼ਤੇਦਾਰਾਂ ਤੱਕ ਸਾਰੇ ਦੂਰ ਰਹਿੰਦੇ ਨੇ।


ਸੋ, ਮੁੱਕਦੀ ਗੱਲ ਇਹ ਹੈ ਕਿ ਦੱਬ ਕੇ ਮਿਹਨਤ ਵੀ ਕਰੋ, ਪੈਸੇ ਵੀ ਕਮਾਓ, ਪਰ ਨਾਲ ਆਦਤਾਂ ਵੀ ਚੰਗੀਆਂ ਪਾਓ। ਕਿਉਂ ਕਿ ਜੇ ਆਦਤਾਂ ਗ਼ਲਤ ਹੋਣਗੀਆਂ, ਫ਼ੇਰ ਵੱਡੀ ਕੋਠੀ, ਮਹਿੰਗੀ ਕਾਰ, ਮਹਿੰਗਾ ਫ਼ੋਨ, branded ਕੱਪੜੇ, ਇਹ ਸਾਰੇ ਆਦਤਾਂ ਅੱਗੇ ਹੌਲ਼ੇ ਪੈ ਜਾਣਗੇ। ਮਾੜੀ ਆਦਤ ਕੋਠੀਆਂ, ਕਾਰਾਂ, ਰੁਪਏ, ਪੈਸੇ, ਰੁਤਬੇ, ਪਹੁੰਚ ਸਭ ਚੀਜ਼ਾਂ 'ਤੇ ਭਾਰੂ ਪੈ ਜਾਂਦੀ ਹੈ।


ਇਹ ਤਾਂ ਹੋਈਆਂ ਗਿਆਨ ਦੀਆਂ ਗੱਲਾਂ, ਹੁਣ ਆਉਨੇ ਆਂ ਅਗਲੇ ਸੈਕਸ਼ਨ 'ਤੇ। ਸੈਕਸ਼ਨ ਦੂਜਾ, ਪਰ ਵਿਸ਼ਾ ਉਹੀ, ਆਦਤਾਂ। ਜਿਹੜੀਆਂ ਆਦਤਾਂ ਦੀ ਗੱਲ ਆਪਾਂ ਪਹਿਲਾਂ ਕੀਤੀ, ਉਹ ਆਦਤਾਂ ਹਰ ਇਨਸਾਨ 'ਚ ਵੱਖੋ-ਵੱਖਰੀਆਂ ਹੋ ਸਕਦੀਆਂ ਨੇ। ਤੇ ਇਹਨਾਂ ਦਾ ਅਸਰ ਵੀ ਸਾਡੇ 'ਤੇ ਸਿੱਧੇ ਰੂਪ 'ਚ ਨਹੀਂ ਪੈਂਦਾ। ਸਿੱਧੇ ਤੋਂ ਭਾਵ physically ਨਹੀਂ ਪੈਂਦਾ, personnel level 'ਤੇ direct ਜਾਂ immediate ਅਸਰ ਕੋਈ ਨਹੀਂ। ਕੋਈ ਤੁਹਾਨੂੰ avoid ਕਰੇ, ਤਾਂ ਤੁਹਾਨੂੰ ਕੋਈ ਫ਼ਰਕ ਨਹੀਂ। ਕੋਈ ਨਾ ਬੁਲਾਵੇ, ਕੋਈ ਫ਼ਰਕ ਨਹੀਂ।


ਪਰ ਜਿਹੜੀਆਂ ਆਦਤਾਂ ਦੀ ਗੱਲ ਮੈਂ ਹੁਣ ਕਰਨ ਜਾ ਰਿਹਾਂ, ਉਹਨਾਂ ਦਾ ਸੰਬੰਧ, ਉਹਨਾਂ ਦਾ ਅਸਰ, ਸਾਡੇ ਵਿੱਚੋਂ ਹਰ ਕਿਸੇ ਨਾਲ ਹੈ, ਤੇ ਅਸਰ ਵੀ personnel ਲੈਵਲ 'ਤੇ, ਤੇ ਉਹ ਵੀ ਬਿਲਕੁਲ ਸਿੱਧਾ। ਇਹਨਾਂ ਦਾ ਫ਼ਾਇਦਾ ਨੁਕਸਾਨ ਸਿੱਧਾ ਤੁਹਾਡਾ ਆਪਣਾ ਹੈ। ਚਾਹੇ ਤੁਸੀਂ ਨੌਜਵਾਨ ਹੋ, ਬਜ਼ੁਰਗ ਹੋ, ਔਰਤ ਹੋ, ਮਰਦ ਹੋ, ਕੋਈ ਫ਼ਰਕ ਨਹੀਂ। ਇਹ ਸਭ ਨਾਲ ਜੁੜੀਆਂ ਹੋਈਆਂ ਨੇ।


ਮੈਂ 10 ਆਦਤਾਂ ਦੱਸਣ ਜਾ ਰਿਹਾਂ, ਤੇ ਜੇ ਇਹ ਅਪਣਾ ਲਈਆਂ, ਤਾਂ ਆਪਣੇ-ਆਪ ਨੂੰ, ਆਪਣੀ ਰੋਜ਼ਾਨਾ ਜ਼ਿੰਦਗੀ, ਆਪਣਾ life style, ਹਰ ਇੱਕ ਪੱਖ ਤੋਂ ਬਿਹਤਰੀ ਤੁਸੀਂ ਖ਼ੁਦ ਨੋਟਿਸ ਕਰੋਂਗੇ, ਇਸ ਗੱਲ ਦੀ ਮੈਂ ਗਰੰਟੀ ਲੈ ਸਕਦਾਂ। ਨੋਟ ਕਰੋ


1. ਰੋਜ਼ ਦੀ Physical activity ਦਾ ਨਿਯਮ ਬਣਾਓ

Physical activity 'ਚ ਸੈਰ ਕਰਨਾ, ਸਾਈਕਲ ਚਲਾਉਣਾ, brisk walk, exercise, gym ਜਾਣਾ ਬਹੁਤ ਕੁਝ ਹੈ। ਜੇ ਤੁਸੀਂ gym ਜਾਨੇ ਓ ਤਾਂ gym, ਸਾਈਕਲ ਚਲਾਉਂਦੇ ਓ ਤਾਂ ਸਾਈਕਲ, ਜੇ ਸੈਰ ਕਰਦੇ ਓ ਤਾਂ ਸੈਰ, rule ਬਣਾ ਲਓ ਕਿ ਇਹ miss ਨਹੀਂ ਕਰਨਾ। time fix ਕਰ ਲਓ। ਇੱਕ ਘੰਟਾ ਸੈਰ ਕਰਨੀ, ਤਾਂ ਇੱਕ ਘੰਟਾ ਹਰ ਰੋਜ਼ ਪੂਰਾ ਲਾਉਣਾ, ਜੇ 10 ਮਿੰਟ ਲੇਟ ਆਏ ਤਾਂ ਉਹ 10 ਮਿੰਟ ਪੂਰੇ ਕਰਨੇ ਨੇ।


2. ਸਬਜ਼ੀਆਂ ਤੇ ਫ਼ਰੂਟ ਰੋਜ਼ ਖਾਓ

ਹਰੀਆਂ ਸਬਜ਼ੀਆਂ ਦੇ ਗੁਣਾਂ ਬਾਰੇ ਮੇਰੇ ਦੱਸਣ ਦੀ ਲੋੜ ਨਹੀਂ। ਆਪਾਂ ਸਾਰੇ ਜਾਣਦੇ ਹਾਂ। fruits ਦੀ ਗੱਲ ਕਰੀਏ ਤਾਂ ਇਹਨਾਂ ਦਾ ਅਸਰ ਸਿਰਫ਼ ਐਨਾ ਨੀ ਕਿ fruits ਖਾ ਕੇ ਤਾਕਤ ਆ ਗਈ, ਗੱਲ ਸਿਰਫ਼ ਤਾਕਤ ਦੀ ਨਹੀਂ। ਜਿਹੜੇ elements ਇਹਨਾਂ ਤੋਂ ਮਿਲਦੇ ਨੇ ਉਹ ਤਾਂ ਹੈਗੇ ਈ ਨੇ, ਨਾਲ ਇਹ ਵੀ ਹੈ ਕਿ fruits ਖਾਣ ਨਾਲ ਹਾਜ਼ਮਾ ਵਧੀਆ ਰਹਿੰਦਾ ਹੈ। ਜਿਵੇਂ ਚੰਗੇ ਹਸਪਤਾਲਾਂ 'ਚ ਮਰੀਜ਼ਾਂ ਨੂੰ salad ਦਿੱਤਾ ਜਾਂਦਾ, ਉਹਦਾ ਵੀ ਇਹੀ reason ਹੁੰਦਾ।


3. ਚੰਗੀ ਤਰ੍ਹਾਂ ਨੀਂਦ ਲਓ, ਤੇ ਸਵੇਰ ਦਾ ਖਾਣਾ ਜ਼ਰੂਰ ਖਾਓ

ਨੀਂਦ ਸਾਡੇ ਸਰੀਰ ਦੀਆਂ basic needs ਵਿੱਚੋਂ ਇੱਕ ਹੈ। ਲੋੜ ਤੋਂ ਵੱਧ ਸੌਣਾ ਮਾੜਾ ਹੈ, ਇਹ ਸਾਰੇ ਜਾਣਦੇ ਨੇ, ਪਰ ਜੇ ਲੋੜ ਮੁਤਾਬਿਕ ਨੀਂਦ ਪੂਰੀ ਨਾ ਹੋਵੇ, ਤਾਂ ਵੀ ਸਿਹਤ ਨਾਲ ਜੁੜੇ ਬਹੁਤ ਸਾਰੇ issues ਬਣ ਜਾਂਦੇ ਨੇ। ਸਾਡੀ physical ਤੇ mental health ਲਈ ਰੋਜ਼ 8 ਘੰਟੇ ਦੀ ਸਹੀ ਨੀਂਦ ਬੜੀ ਜ਼ਰੂਰੀ ਹੈ। ਤੇ ਸਵੇਰ ਦਾ ਖਾਣਾ, breakfast, ਇਹ ਵੀ ਬੜਾ ਜ਼ਰੂਰੀ ਹੈ। ਬਹੁਤ ਲੋਕ ਜਿਨ੍ਹਾਂ 'ਚ ਜ਼ਿਆਦਾਤਰ ਨੌਜਵਾਨ ਨੇ, breakfast skip ਕਰ ਜਾਂਦੇ ਨੇ। ਮੈਂ miss ਨਹੀਂ skip ਕਿਉਂ ਕਿਹਾ, ਕਿਉਂ ਕਿ miss ਹੋਏ ਦਾ ਮਤਲਬ ਹੈ ਕਿ ਮੈਂ ਖਾਣਾ ਚਾਹੁੰਦਾ ਸੀ, ਪਰ ਖਾ ਨਹੀਂ ਸਕਿਆ। ਤੇ skip ਹੈ ਜਾਣ-ਬੁੱਝ ਕੇ ਨਾ ਖਾਣਾ। ਇਸ ਆਦਤ ਦੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਨੇ, ਇਸ ਕਰਕੇ ਸਵੇਰੇ ਖਾਣਾ ਜ਼ਰੂਰ ਖਾਓ।

4. ਦੁੱਧ 1% ਜਾਂ ਇਸ ਤੋਂ ਵੀ ਘੱਟ fat ਵਾਲਾ ਵਰਤੋ

ਪਿੰਡਾਂ 'ਚ ਹੁੰਦਾ ਕਿ ਜਿਨਿ ਵੱਧ fat, ਓਨਾ ਵਧੀਆ ਦੁੱਧ। ਦੁੱਧ ਵਧੀਆ ਹੁੰਦਾ ਹੈ ਮੈਂ ਇਸ ਗੱਲ ਨੂੰ ਗ਼ਲਤ ਨਹੀਂ ਕਹਿ ਰਿਹਾ, ਪਰ ਦੁੱਧ ਹੋਵੇ ਵੀ ਤਾਂ ਸਹੀ। ਅੱਜ ਕੱਲ੍ਹ ਜਿਸ ਤਰੀਕੇ ਨਾਲ chemicals ਨਾਲ ਨਕਲੀ ਦੁੱਧ ਬਣਾਇਆ ਜਾ ਰਿਹਾ ਹੈ, ਉਹਨੂੰ ਦੇਖਦੇ ਹੋਏ ਦੁੱਧ ਪੀਣਾ ਵੀ safe ਨਹੀਂ ਰਿਹਾ। ਵੱਡਾ ਪੰਗਾ ਇਹ ਹੈ ਕਿ chemicals ਨਾਲ ਤਿਆਰ ਕੀਤੇ ਦੁੱਧ ਦੀ fat ਵੀ ਆਮ ਦੁੱਧ ਵਾਂਗੂ ਹੀ ਆਉਂਦੀ ਹੈ।


1% ਜਾਂ ਇਸ ਤੋਂ ਵੀ ਘੱਟ fat ਵਾਲਾ ਇਸ ਕਰਕੇ ਕਹਿ ਰਿਹਾ ਹਾਂ ਕਿ ਜਿਸ ਕਿਸਮ ਦਾ ਸਦਾ life style ਹੋ ਰਿਹਾ ਹੈ, ਇਸ fat ਦੇ ਨੁਕਸਾਨ ਕਈ ਪਾਸਿਓਂ ਹੋ ਸਕਦੇ ਨੇ। ਸਿਹਤ ਨਾਲ ਜੁੜੇ cholesterol, blockage, uric acid ਵਰਗੇ ਕਈ issues ਹੋ ਸਕਦੇ। ਦਹੀਂ, ਪਨੀਰ ਜੋ ਵੀ ਬਣਾਉਣਾ, ਉਹ ਵੀ ਇਸ ਘੱਟ fat ਵਾਲੇ ਦੁੱਧ ਦਾ ਹੀ ਵਰਤੋ।

5. ਹਰ ਰੋਜ਼ ਕੋਈ ਅਜਿਹਾ ਚੰਗਾ ਕੰਮ ਜ਼ਰੂਰ ਕਰੋ ਜਿਸ ਨਾਲ ਖ਼ੁਦ ਨੂੰ ਚੰਗਾ ਮਹਿਸੂਸ ਹੋਵੇ

ਸੇਵਾ ਦੀ ਭਾਵਨਾ ਸਾਨੂੰ ਪੰਜਾਬੀਆਂ ਨੂੰ ਖ਼ੂਨ 'ਚ ਮਿਲੀ ਹੈ। ਤਾਜ਼ਾ ਮਾਮਲਾ ਹੜ੍ਹਾਂ ਦਾ ਹੀ ਲੈ ਲਓ। ਜਿਹੜੇ ਹੜ੍ਹ ਦੀ ਮਾਰ ਹੇਠ ਆਏ, ਉਹ ਵੀ ਪੰਜਾਬੀ ਤੇ ਜਿਹੜੇ ਮਦਦ ਕਰ ਰਹੇ ਉਹ ਵੀ ਪੰਜਾਬੀ। ਆਪਸ 'ਚ ਲੱਖ ਵਖਰੇਵੇਂ ਹੋਣ, ਪਰ ਜਦੋਂ ਕੋਈ ਬਿਪਤਾ ਆ ਬਣੇ, ਫ਼ੇਰ ਅਸੀਂ ਸਾਰੀਆਂ ਗੱਲਾਂ ਇੱਕ ਪਾਸੇ ਰੱਖ ਕੇ ਇੱਕ ਦੂਜੇ ਦੀ ਮਦਦ ਲਈ ਖੜ੍ਹ ਜਾਂਦੇ ਹਾਂ। ਪਰਉਪਕਾਰ ਸਾਡੀਆਂ ਮੁਢਲੀਆਂ ਕਦਰਾਂ-ਕੀਮਤਾਂ 'ਚ ਸ਼ੁਮਾਰ ਹੈ। ਜਿਹੜੀ ਗੱਲ ਮੈਂ ਕਹਿ ਰਿਹਾ ਹਾਂ, ਉਹ ਸਿਰਫ਼ ਇਹਨੂੰ channelize ਕਰਨ ਦੀ ਹੈ। ਹੜ੍ਹਾਂ ਦੀ ਮਾਰ ਹੇਠ ਆਏ ਸਭ ਪਰਿਵਾਰਾਂ ਦੀ ਭਲਾਈ ਲਈ ਗੁਰੂ ਮਹਾਰਾਜ ਨੂੰ ਬੇਨਤੀ ਕਰਦੇ ਹੋਏ, ਇਹ ਸੱਦਾ ਹੈ ਕਿ ਇਸ ਤੋਂ ਬਾਅਦ ਵੀ ਸਾਡੇ ਆਲੇ-ਦੁਆਲੇ ਅਨੇਕਾਂ ਲੋੜਵੰਦ ਲੋਕ ਹੋਣਗੇ, ਬਹੁਤ ਸਾਰੇ ਕੰਮ ਹੋਣਗੇ, ਉਹਨਾਂ 'ਚ ਆਪਣਾ ਯੋਗਦਾਨ ਜ਼ਰੂਰ ਪਾਓ।


6. ਸੋਡਾ, cold drink, packed ਜੂਸ ਛੱਡੋ, ਤੇ ਪਾਣੀ ਪੀਓ

cold drinks companies ਦੀ marketing strategy ਤੇ advertising ਨੂੰ ਮੰਨਣਾ ਪਊ, ਕਿਉਂ ਕਿ ਇਹਨਾਂ ਬਾਰੇ ਐਨੇ ਸਾਲਾਂ ਤੋਂ ਐਨਾ ਕੁਝ ਦੇਖਣ ਸੁਣਨ ਪੜ੍ਹਨ ਨੂੰ ਮਿਲਦਾ ਆ ਰਿਹਾ ਹੈ, ਪਰ ਉਹ ਫ਼ੇਰ ਵੀ ਹਰ ਸਾਲ ਕਰੋੜਾਂ ਰੁਪਿਆਂ ਦਾ business ਕਰਦੀਆਂ ਨੇ। ਮਤਲਬ ਕਿ ਉਹਨਾਂ ਨੇ ਸਾਨੂੰ ਐਨਾ ਮਜਬੂਰ ਕੀਤਾ ਹੋਇਆ ਹੈ ਕਿ ਅਸੀਂ ਉਹਨਾਂ ਦੇ product ਦੇ ਬੁਰੇ ਪ੍ਰਭਾਵ ਜਾਂ ਪ੍ਰਭਾਵਾਂ ਬਾਰੇ ਜਾਣਨ ਦੇ ਬਾਵਜੂਦ ਖਰੀਦਦੇ ਹਾਂ। juice ਤੇ ਹੋਰ packed food ਲਈ ਮਨ੍ਹਾ ਕਰਨ ਦਾ ਮੇਰੇ ਕੋਲ valid reason ਹੈ, ਕਿਉਂ ਕਿ ਇਹਨਾਂ 'ਚੋਂ ਕੋਈ ਵੀ brand ਇਹੋ ਜਿਹਾ ਨਹੀਂ ਜਿਹੜਾ preservatives ਨਾ ਪਾਉਂਦਾ ਹੋਵੇ। ਆਪਣੇ ਘਰ 'ਚ ਗੁੰਨ੍ਹਿਆ ਆਟਾ, ਸਬਜ਼ੀ ਕਿੰਨਾ ਕੁ ਚਿਰ ਕੱਢਦੀ ਹੈ? ਇਹਨਾਂ ਦੇ ਮਾਲ ਨੂੰ ਵਰਤਣ ਲਈ ਇਹ ਸਾਲਾਂ ਤੱਕ ਦਾ safe period ਦੇ ਦਿੰਦੇ ਨੇ, ਕਿਵੇਂ? preservatives ਦੇ ਸਿਰ 'ਤੇ। ਤੇ preservatives ਹੁੰਦੇ ਕੀ ਨੇ? chemicals. ਇਸ ਲਈ ਇਹਨਾਂ ads ਦੇ ਮਾਇਆ ਜਾਲ਼ ਤੇ ਫ਼ਾਲਤੂ ਦੇ show off ਤੋਂ ਬਾਹਰ ਆਓ, ਤੇ ਸਾਫ਼ ਪਾਣੀ ਪੀਓ।


7. Phone, social media ਤੇ TV ਦਾ time ਘਟਾਓ, ਅਸਲ ਜ਼ਿੰਦਗੀ ਦਾ time ਵਧਾਓ

ਇਹ ਅੱਜ ਦੇ ਸਮੇਂ ਦੀ ਸਭ ਤੋਂ ਅਸਰਦਾਰ ਚੀਜ਼ ਹੈ। social media ਦਾ ਜ਼ਿਕਰ ਮੈਂ mental health ਦੇ videos 'ਚ ਅਕਸਰ ਕਰਦਾ ਹੁੰਨਾਂ। ਆਪਣੇ phone ਤੇ social media ਦਾ time fix ਕਰ ਦਿਓ। fix ਦਾ ਮਤਲਬ ਹੈ ਕਿ ਜੇ ਤੁਸੀਂ 30 ਮਿੰਟ ਦਿੱਤੇ ਨੇ, ਤਾਂ 30 ਹੀ ਹੋਣ। ਬੱਸ ਆਹ reel ਦੇਖ ਲਾਂ, ਬੱਸ ਇੱਕ ਹੋਰ ਦੇਖ ਲਾਂ, ਇਹੀ ਕੰਮ ਖਰਾਬ ਕਰਦੈ। ਜਿਹੜੇ ਕੰਮਾਂ 'ਚ ਅਨੰਦ ਮਿਲਦਾ ਹੈ, ਉਹਨਾਂ ਦਾ time ਵਧਾਓ, ਤੇ ਯਕੀਨੀ ਬਣਾਓ ਕਿ ਰੋਜ਼ time ਕੱਢਣਾ ਜ਼ਰੂਰ ਹੈ। ਬਾਗ਼ਬਾਨੀ ਕਰਨਾ, ਗੁਰਦੁਆਰਾ ਸਾਹਿਬ ਜਾਣਾ, ਪਾਠ ਕਰਨਾ, ਸੇਵਾ ਕਰਨੀ, ਕੋਈ ਖੇਡ ਖੇਡਣਾ, ਕਰਨ ਨੂੰ ਬਹੁਤ ਕੁਝ ਹੈ। ਬੱਸ ਤੁਸੀਂ ਇਹ ਦੇਖੋ ਕਿ ਤੁਹਾਡਾ ਮਨ ਕੀ ਕਹਿੰਦਾ ਹੈ।


8. ਚੰਗਾ ਤੇ ਪੌਸ਼ਟਿਕ ਖਾਣਾ ਖਾਓ

ਖਾਣਾ ਸਾਡੇ ਸਰੀਰ ਦਾ energy source ਹੈ, ਤੇ ਹਰ ਕੋਈ ਚਾਹੂਗਾ ਕਿ energy ਤਾਂ full ਹੋਣੀ ਚਾਹੀਦੀ ਹੈ। ਇਸ ਲਈ ਜੇ energy full ਚਾਹੀਦੀ ਤਾਂ ਖਾਣਾ full ਪੌਸ਼ਟਿਕ ਖਾਓ। ਹਾਂ ਇਹ ਗੱਲ ਜ਼ਰੂਰ ਹੈ ਕਿ ਉਮਰ, gender, profession, life style ਤੇ physical activity ਦੇ ਆਧਾਰ 'ਤੇ ਇਸ ਦੀ ਲੋੜ ਵੱਖੋ-ਵੱਖ ਹੋ ਸਕਦੀ ਹੈ। healthy diet 'ਚ ਦੁੱਧ, ਹਰੀਆਂ ਪੱਤੇਦਾਰ ਸਬਜ਼ੀਆਂ, ਸਲਾਦ, fruits, ਸ਼ਾਮਲ ਹੁੰਦੇ ਨੇ। ਨਾਲ-ਨਾਲ dry fruits ਵੀ ਰੋਜ਼ ਦੀ diet 'ਚ ਜ਼ਰੂਰ ਰੱਖੋ। ਚੰਗਾ ਖਾਣਾ ਖਾਓਂਗੇ ਤਾਂ acidity, ਕਬਜ਼, ਸਿਰਦਰਦ, ਜੋੜਾਂ ਦਾ ਦਰਦ ਵਰਗੀਆਂ ਬਿਮਾਰੀਆਂ ਤੋਂ ਤਾਂ ਵੈਸੇ ਈ ਬਚਾਅ ਰਹੇਗਾ।


9. ਇੱਕ ਦਮ ਜ਼ਿਆਦਾ ਖਾਣਾ ਖਾਣ ਦੀ ਬਜਾਏ ਥੋੜ੍ਹਾ-ਥੋੜ੍ਹਾ ਖਾਓ

ਇਸ ਆਦਤ ਨਾਲ ਸਾਡਾ digestive system ਬਿਹਤਰ ਬਣਦਾ ਹੈ। ਦਿਨ 'ਚ 3 time ਦੇ ਖਾਣੇ ਨੂੰ ਹੀ 6 meals 'ਚ convert ਕਰ ਕੇ ਦੇਖੋ। ਮਤਲਬ ਕਿ ਖਾਣਾ ਨਹੀਂ ਵਧਾਉਣਾ, ਬੱਸ ਓਨੇ ਹੀ ਖਾਣੇ ਨੂੰ ਵੱਧ ਦੇਰ 'ਚ ਖ਼ਤਮ ਕਰਨਾ ਹੈ। ਸਿੱਧੀ ਭਾਸ਼ਾ 'ਚ ਕਹੀਏ ਤਾਂ ਸਮਝੋ ਕਿ ਸਰੀਰ ਦੀ ਮਸ਼ੀਨਰੀ 'ਤੇ ਇੱਕ ਦਮ load ਨਹੀਂ ਪਾਉਣਾ, ਥੋੜ੍ਹਾ ਥੋੜ੍ਹਾ load ਪਾਉਣਾ ਤਾਂ ਕਿ ਉਹ ਅਸਾਨੀ ਨਾਲ ਇਹ ਨੂੰ process 'ਚ ਲਿਆਉਂਦੀ ਰਹੇ। ਕਈ ਵਾਰ ਆਪਾਂ ਰਾਤ ਨੂੰ ਸਵਾਦ-ਸਵਾਦ 'ਚ ਦੱਬ ਕੇ ਖਾ ਲਿਆ, ਫ਼ੇਰ ਸਵੇਰੇ ਤਾਂ ਹੀ time 'ਤੇ ਉੱਠਿਆ ਨਹੀਂ ਜਾਂਦਾ, ਤੇ ਸਰੀਰ ਦਾ energy level ਵੀ ਸਹੀ ਨਹੀਂ ਹੁੰਦਾ। ਉਹਦਾ ਕਾਰਨ ਇਹੀ ਹੈ ਕਿ ਮਸ਼ੀਨਰੀ ਸਾਰੀ ਰਾਤ ਓਸ ਖਾਣੇ ਨੂੰ pursue ਕਰਦੀ ਹਜ਼ਮ ਕਰਦੀ ਥੱਕ ਜਾਂਦੀ ਹੈ।


ਇਸ ਆਦਤ ਦਾ positive ਅਸਰ ਤਾਂ ਅਸਰ ਦਿਨਾਂ 'ਚ notice ਕਰੋਂਗੇ। ਬਦਹਜ਼ਮੀ, acidity, ਜਲਨ, ਤੋਂ ਤਾਂ ਮੁਕਤੀ ਮਿਲੇਗੀ ਹੀ ਮਿਲੇਗੀ, ਤੁਸੀਂ ਸਾਰਾ ਦਿਨ ਆਪਣੇ-ਆਪ ਨੂੰ ਜ਼ਿਆਦਾ energetic ਵੀ ਮਹਿਸੂਸ ਕਰੋਂਗੇ।


10. fast food 'ਚ ਕਟੌਤੀ ਕਰੋ

ਜ਼ਮਾਨਾ ਇੱਕ ਐਸੇ ਮੋੜ 'ਤੇ ਖੜ੍ਹਾ ਹੈ ਜਿੱਥੇ fast food ਸਾਡੀ society ਲਈ ਵੀ ਇੱਕ issue ਵੀ ਹੈ, ਤੇ ਬਹੁਤ ਸਾਰੇ ਪਰਿਵਾਰਾਂ ਲਈ ਵੀ। ਅਸਲ 'ਚ ਇਹਨਾਂ ਪਿੱਛੇ ਉਸ ਵੇਲੇ ਦੀ history ਜੁੜੀ ਹੋਈ ਹੈ ਜਦੋਂ urbanization ਦੀ starting ਹੋਈ ਸੀ। ਨਵੇਂ ਸ਼ਹਿਰ ਵਸਣੇ ਸ਼ੁਰੂ ਹੋਏ ਸੀ। ਖਾਣ-ਪੀਣ ਦਾ ਕੋਈ ਇੰਤਜ਼ਾਮ ਨਹੀਂ ਹੁੰਦਾ ਸੀ, ਤੇ ਉਹਨਾਂ ਹਾਲਾਤਾਂ 'ਚ ਇਕੱਲਾ ਬਾਲਣ ਹੀ ਪੂਰੇ ਖਾਣੇ ਤੋਂ ਮਹਿੰਗਾ ਪੈਂਦਾ ਸੀ। ਉੱਥੋਂ ਇਹ readymade ਖਾਣੇ ਦਾ concept ਹੋਂਦ 'ਚ ਆਇਆ। ਬਾਕੀ fast food ਦੀ ਹਰ ਮੁਲਕ ਦੀ ਆਪਣੀ ਇੱਕ ਅਲੱਗ history ਹੈ।


ਆਪਾਂ ਗੱਲ ਕਰਦੇ ਸੀ fast food ਤੇ ਪਰਿਵਾਰਾਂ ਦੀ, ਉਸ 'ਚ ਗੱਲ ਇਹ ਹੈ ਕਿ ਬਹੁਤ ਸਾਰੇ ਪਰਿਵਾਰਾਂ ਦੇ ਬੱਚਿਆਂ ਦਾ ਨਿਤਨੇਮ ਹੈ ਕਿ ਉਹਨਾਂ ਨੇ ਕੋਈ ਦਿਨ fast food ਤੋਂ ਬਿਨਾਂ ਖਾਲੀ ਜਾਣ ਨਹੀਂ ਦੇਣਾ, ਹਾਲਾਂਕਿ ਵੱਡੇ ਬੱਚਿਆਂ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਹੈ ਕਿ ਇਹਨਾਂ ਦਾ ਸਾਡੀ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ, ਤੇ ਬਹੁਤ ਮਾਪੇ ਆਪਣੇ ਬੱਚਿਆਂ ਦੀ ਇਸ ਆਦਤ ਤੋਂ ਤੰਗ ਵੀ ਨੇ। ਪਰ ਨਾਲ ਇਹ ਗੱਲ ਵੀ ਹੈ ਕਿ ਦਿੱਲੀ ਵਰਗੇ ਵੱਡੇ ਸ਼ਹਿਰਾਂ 'ਚ ਬਹੁਤ ਸਾਰੇ ਪਰਿਵਾਰ ਵੀ ਇਹੋ ਜਿਹੇ ਹਨ ਜਿੱਥੇ ਸਾਰੇ ਦਾ ਸਾਰਾ ਟੱਬਰ ਹੀ ਹਰ ਰੋਜ਼ ਨਿਤਨੇਮ ਨਾਲ fast food ਖਾਂਦਾ ਹੈ। ਇਸ ਗੱਲ ਨੂੰ ਸਮਝੋ ਕਿ ਇਹ ਸਾਡੀ ਜ਼ਰੂਰਤ ਨਹੀਂ ਹੈ। ਤੇ ਇਹਨਾਂ 'ਚ ajinomoto ਵਰਗੇ ਕਿੰਨੇ ਹੀ ਤੱਤ ਪੈਂਦੇ ਨੇ ਜਿਹੜੇ ਸਿਹਤ ਲਈ ਨੁਕਸਾਨਦਾਇਕ ਨੇ।


ਇੱਕ ਗੱਲ ਜ਼ਰੂਰ ਹੈ। ਸਾਡੇ ਲੋਕਾਂ ਵਰਗੇ food scientist ਪੂਰੀ ਦੁਨੀਆ 'ਚ ਨਹੀਂ ਹੋਣੇ। ਨਵੀਆਂ-ਨਵੀਆਂ dishes ਦੀ invention ਕਰਦੇ, ਖ਼ਾਸ ਕਰਕੇ fast food items ਦੀਆਂ। ਸਾਰੀ ਦੁਨੀਆ 'ਚ momos steamed ਹੁੰਦੇ ਸੀ, ਸਾਡੇ ਲੋਕਾਂ ਨੇ fry ਕਰ ਦਿੱਤੇ, ਦੁਨੀਆ ਲਈ noodles ਤੇ burger ਦੋ ਅਲੱਗ-ਅਲੱਗ ਚੀਜ਼ਾਂ ਸੀ, ਸਾਡੇ ਲੋਕਾਂ ਨੇ noodles ਵਾਲੇ burger ਦੇ ਨਵੇਂ combo ਬਣਾ ਦਿੱਤੇ। ਜਿਹੜੇ ਮੇਰੇ ਵੀਰ fast food ਦੇ ਕੰਮ ਨਾਲ ਜੁੜੇ ਹੋਏ ਨੇ, ਉਹਨਾਂ ਨੇ ਗੁੱਸਾ ਬਿਲਕੁਲ ਨਹੀਂ ਕਰਨਾ। ਮਕਸਦ ਸਿਰਫ਼ ਐਨਾ ਹੈ ਕਿ ਆਪਾਂ ਵੀ ਗੰਭੀਰ ਗੱਲਾਂ ਨਾਲ ਹਲਕੇ ਫੁਲਕੇ ਪਲ mix ਕਰਕੇ ਨਵਾਂ combo ਬਣਾ ਕੇ ਦੇਖੀਏ।


ਇਹ ਸੀ ਉਹ 10 ਆਦਤਾਂ ਜਿਹੜੀਆਂ ਸਾਡੇ ਵਿੱਚੋਂ ਹਰ ਕਿਸੇ ਦੀ ਜ਼ਿੰਦਗੀ ਬਦਲ ਸਕਦੀਆਂ ਨੇ। ਤੇ ਨਾਲ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹਨਾਂ ਵਾਸਤੇ ਕਿਸੇ ਲੰਮੇ-ਚੌੜੇ ਤਾਮ-ਝਾਮ ਦੀ ਲੋੜ ਨਹੀਂ, ਕੋਈ register ਲਾ ਕੇ ਹਿਸਾਬ-ਕਿਤਾਬ ਨਹੀਂ ਕਰਨਾ, ਕੋਈ ਜੰਗ ਜਿੱਤਣ ਵਾਂਗ ਕਮਰ-ਕੱਸੇ ਮਾਰ ਕੇ ਤਿਆਰੀ ਖਿੱਚਣ ਦੀ ਲੋੜ ਨਹੀਂ, ਕੋਈ ਹਰ ਮਹੀਨੇ 5-7 ਹਜ਼ਾਰ ਦਾ ਮਹਿੰਗਾ diet plan ਲੈਣ ਦੀ ਲੋੜ ਨਹੀਂ, ਕੋਈ ਮਹਿੰਗੀ ਖੁਰਾਕ ਨਹੀਂ ਖਾਣੀ ਕਿ ਰੋਜ਼ 250-300 ਰੁਪਏ ਕਿੱਲੋ ਵਾਲੇ ਸੇਬ ਖਾਣੇ ਜਾਂ ਕੋਈ ਹੋਰ ਵਲੈਤੀ fruit ਖਾਣਾ। ਸਿਰਫ਼ ਆਪਣੀਆਂ choices ਤੇ priorities ਬਦਲਨੀਆਂ ਨੇ।


ਸਾਰੀ ਗੱਲ ਹੈ mind set ਦੀ। ਜਦੋਂ dietician hire ਕੀਤਾ ਹੋਵੇ, ਹਰੇਕ ਮਹੀਨੇ ਦੀ ਮੋਟੀ ਫ਼ੀਸ ਜਾਂਦੀ ਹੋਵੇ, ਰੋਜ਼ ਮਹਿੰਗੀਆਂ ਚੀਜ਼ਾਂ ਦਾ ਖਰਚਾ ਛਿੜਿਆ ਹੋਵੇ, ਫ਼ੇਰ ਅਸੀਂ ਮੰਨ ਵੀ ਲੈਂਦੇ ਹਾਂ, ਕਿ ਇਹ ਕੰਮ ਕਰਨਾ ਪੈਣਾ, ਇਹ ਚੀਜ਼ਾਂ ਛੱਡਣੀਆਂ ਪੈਣੀਆਂ। ਮੁਫ਼ਤ ਵਾਲੀ ਸਲਾਹ ਮੰਨਣ ਵੇਲੇ ਅਸੀਂ ਟਾਲ਼-ਮਟੋਲ ਕਰ ਜਾਂਦੇ ਹਾਂ। ਇਸ ਕਰਕੇ ਟਾਲ਼-ਮਟੋਲ ਨਹੀਂ ਕਰਨੀ। ਜੇ ਮਨ 'ਚ ਖਿਆਲ ਆਵੇ ਤਾਂ ਇਹ ਜ਼ਰੂਰ ਸੋਚੋ ਕਿ ਇਹ ਗੱਲਾਂ ਨਾ ਤਾਂ ਤੁਸੀਂ ਮੇਰੇ ਲਈ ਮੰਨਣੀਆਂ, ਨਾ ਕਿਸੇ ਹੋਰ ਲਈ, ਮੰਨਣ ਦਾ ਫ਼ਾਇਦਾ ਖ਼ੁਦ ਤੁਹਾਨੂੰ ਮਿਲਣਾ ਤੇ ਸ਼ਰਤੀਆ ਮਿਲਣਾ।


ਇਸ ਕਰਕੇ ਗ਼ਲਤ ਆਦਤਾਂ ਦਾ ਤਿਆਗ ਕਰੋ ਤੇ ਚੰਗੀਆਂ ਆਦਤਾਂ ਅਪਣਾਓ। ਤੇ ਅਵਤਾਰ ਸਿੰਘ ਪਾਸ਼ ਦੀਆਂ ਇਹ ਸਤਰਾਂ ਵੀ ਯਾਦ ਰੱਖਿਓ

ਸਾਡੇ ਲਹੂ ਨੂੰ ਆਦਤ ਹੈ

ਮੌਸਮ ਨਹੀਂ ਵੇਂਹਦਾ, ਮਹਿਫ਼ਿਲ ਨਹੀਂ ਵੇਂਹਦਾ

ਜਿੰਦਗੀ ਦੇ ਜਸ਼ਨ ਵਿੱਢ ਲੈਂਦਾ ਹੈ

ਸੂਲੀ ਦੇ ਗੀਤ ਛੋਹ ਲੈਂਦਾ ਹੈ

117 views0 comments
bottom of page